Breaking News
Loading...

ਭਾਕਿਯੂ (ਉਗਰਾਹਾਂ) ਦੇ ਝੰਡੇ ਹੇਠ ਹਜ਼ਾਰਾਂ ਔਰਤਾਂ ਨੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦੇ ਪਿੰਡ ਚ ਰੈਲੀ ਕਰਕੇ ਮਨਾਇਆ ਕਿਸਾਨ ਮਹਿਲਾ ਦਿਵਸ਼




ਫਾਜ਼ਿਲਕਾ 18 ਜਨਵਰੀ ( ਬਲਰਾਜ ਸਿੱਧੂ /ਹਰਵੀਰ ਬੁਰਜਾਂ ) ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜਾਨਹੂਲਵੇਂ ਘੋਲ਼ ‘ਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਹਜ਼ਾਰਾਂ ਔਰਤਾਂ ਵੱਲੋਂ  ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ `ਚ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦੇ ਪਿੰਡ ਕਟੈੜਾ ਵਿਖੇ ਰੋਹ ਭਰਪੂਰ ਰੈਲੀ ਕਰਕੇ ਜਿੱਥੇ ਮੋਦੀ ਹਕੂਮਤ ਨੂੰ ਵੰਗਾਰਿਆ ਉਥੇ ਪੰਜਾਬ ਨਾਲ ਸਬੰਧਤ ਉਕਤ ਭਾਜਪਾ ਆਗੂਆਂ ਨੂੰ ਕਿਸਾਨ ਵਿਰੋਧੀ ਬਿਆਨਬਾਜ਼ੀ ਕਰਨ ਬਦਲੇ ਫਿੱਟ ਲਾਹਨਤਾਂ ਪਾਈਆਂ ਗਈਆਂ।ਪ੍ਰੈੱਸ ਲਈ ਸਮੁੱਚੀ ਰਿਪੋਰਟ ਜਾਰੀ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ  ਅੱਜ ਮਹਿਲਾ ਕਿਸਾਨ ਦਿਵਸ ਮੌਕੇ ਕੀਤੀ ਵਿਸ਼ਾਲ ਔਰਤ ਰੈਲੀ ਦੌਰਾਨ ਭਾਜਪਾ ਮੋਦੀ ਹਕੂਮਤ ਨਾਲ ਦੇਸੀ ਵਿਦੇਸ਼ੀ ਕਾਰਪੋਰੇਟਾਂ ਤੇ ਸਾਮਰਾਜੀਆਂ ਦੇ ਗੱਠਜੋੜ ਖਿਲਾਫ਼ ਤੇ ਕਾਲੇ ਕਾਨੂੰਨ ਰੱਦ ਕਰਨ ਦੇ ਆਕਾਸ਼ ਗੁੰਜਾਊ ਨਾਹਰੇ ਇਸ ਗੱਠਜੋੜ ਖਿਲਾਫ ਔਰਤ ਸ਼ਕਤੀ ਦੇ ਖੌਲਦੇ ਰੋਹ ਦਾ ਪ੍ਰਗਟਾਵਾ ਹੋ ਨਿੱਬੜੇ।ਉਹਨਾਂ ਦੱਸਿਆ ਕਿ ਰੈਲੀਆਂ ਦੀ ਸ਼ੁਰੂਆਤ ਮੌਜੂਦਾ ਘੋਲ਼ ਅੰਦਰ ਜਾਨਾਂ ਵਾਰਨ ਵਾਲੇ 75 ਤੋਂ ਵੱਧ ਕਿਸਾਨ ਮਜ਼ਦੂਰ ਤੇ ਔਰਤ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਪੇਸ਼ ਕਰਨ ਨਾਲ ਕੀਤੀ ਗਈ।ਇਸ ਰੈਲੀ ਨੂੰ ਮਹਿਲਾ ਕਿਸਾਨ ਆਗੂ ਹਰਪ੍ਰੀਤ ਕੌਰ ਜੇਠੂਕੇ ਬਠਿੰਡਾ,ਕੁਲਦੀਪ ਕੌਰ ਕੁੱਸਾ ਮੋਗਾ, ਮਹਿਲਾ ਖੇਤ ਮਜ਼ਦੂਰ ਆਗੂ ਕਿਰਸ਼ਨਾ ਦੇਵੀ ਤੇ ਗੁਰਮੇਲ ਕੌਰ ਤੋਂ ਇਲਾਵਾ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਿਸਾਨ ਘੋਲ਼ ਤੇ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਦਿੱਤੇ ਬਿਆਨਾਂ ਦੀ ਸਖ਼ਤ ਅਲੋਚਨਾ ਕਰਦਿਆਂ ਇਹਨਾਂ ਆਗੂਆਂ ਨੂੰ ਲਗਾਤਾਰ ਜਨਤਕ ਰੋਹ ਦਾ ਨਿਸ਼ਾਨਾ ਬਣਾਈ ਰੱਖਣ ਦਾ ਵੀ ਐਲਾਨ ਕੀਤਾ।ਉਨ੍ਹਾਂ ਨੇ ਹੱਡਚੀਰਵੀਂ ਠੰਢ/ਧੁੰਦ ਵਿੱਚ ਵੀ ਮੌਜੂਦਾ ਕਿਸਾਨ ਘੋਲ਼ ਦੇ ਮੋਰਚਿਆਂ ਵਿੱਚ ਔਰਤਾਂ ਵੱਲੋਂ ਪਾਏ ਜਾ ਰਹੇ ਨਿੱਗਰ ਯੋਗਦਾਨ ਦੀ ਜੈ-ਜੈਕਾਰ ਕੀਤੀ ਅਤੇ ਇਸਨੂੰ ਹੋਰ ਵਧਾਉਣ ਦਾ ਅਹਿਦ ਕੀਤਾ।ਪਿੰਡ ਪਿੰਡ ਔਰਤਾਂ ਦੀਆਂ ਜਥੇਬੰਦਕ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ।ਬੁਲਾਰਿਆਂ ਨੇ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਪ੍ਰਦੂਸ਼ਣ ਸੰਬੰਧੀ ਆਰਡੀਨੈਂਸ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ।ਉਨ੍ਹਾਂ ਨੇ ਦੋਸ਼ ਲਾਇਆ ਕਿ ਕਿਸਾਨਾਂ ਦੀ ਖੇਤੀ ਅਤੇ ਖੇਤ ਮਜ਼ਦੂਰਾਂ ਸਮੇਤ ਸਭਨਾਂ ਛੋਟੇ ਕਾਰੋਬਾਰੀਆਂ ਨੂੰ ਉਜਾੜਨ ਵਾਲੇ ਇਨ੍ਹਾਂ ਕਾਨੂੰਨਾਂ ਖਿਲਾਫ਼ ਜਾਨਾਂ ਤਲੀ ਤੇ ਧਰ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਲੱਖਾਂ ਲੋਕਾਂ ਦੀ ਆਵਾਜ਼ ਨੂੰ ਮਹੀਨਿਆਂ ਬੱਧੀ ਨਜ਼ਰਅੰਦਾਜ਼ ਕਰਕੇ ਮੋਦੀ ਹਕੂਮਤ ਮੁੱਠੀਭਰ ਸਾਮਰਾਜੀਆਂ ਦੀ ਚਾਕਰੀ ਅਤੇ ਕ੍ਰੋੜਾਂ ਕਿਰਤੀ ਲੋਕਾਂ ਨਾਲ ਗੱਦਾਰੀ ਦੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ।ਬੁਲਾਰਿਆਂ ਨੇ ਕੌਮੀ ਜਾਂਚ ਏਜੰਸੀ ਵੱਲੋਂ ਕਿਸਾਨ ਆਗੂਆਂ ਅਤੇ ਘੋਲ਼ ਦੇ ਸਮਰਥਕਾਂ ਨੂੰ ਨੋਟਿਸ ਜਾਰੀ ਕਰਕੇ ਉਲਟਾ ਉਨ੍ਹਾਂ ਖਿਲਾਫ਼ ਹੀ ਦੇਸ਼-ਧ੍ਰੋਹੀ ਵਰਗੇ ਕੇਸ ਤਿਆਰ ਕਰਨ ਵਾਲੇ ਜਾਬਰ ਮਨਸੂਬਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਇਨ੍ਹਾਂ ਚੰਦਰੇ ਮਨਸੂਬਿਆਂ ਨੂੰ ਪੈਰਾਂ ਹੇਠਾਂ ਰੋਲਣ ਦਾ ਐਲਾਨ ਕੀਤਾ।ਐਨ ਇਸੇ ਮੌਕੇ ਸਾਮਰਾਜੀ ਸੰਸਥਾ‘ਕੌਮਾਂਤਰੀ ਮੁਦਰਾ ਫੰਡ‘ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਪੱਖ ‘ਚ ਦਾਗੇ ਗਏ ਬਿਆਨ ਨੂੰ ਇਸ ਲੁਟੇਰੇ ਗੱਠਜੋੜ ਦੀ ਗੂੜ੍ਹੀ ਸਾਂਝ ਦਾ ਸਬੂਤ ਦੱਸਦਿਆਂ ਇਹਦੀ ਵੀ ਜ਼ੋਰਦਾਰ ਨਿੰਦਾ ਕੀਤੀ।ਉਨ੍ਹਾਂ ਨੇ 19 ਜਨਵਰੀ ਨੂੰ ਦਿੱਲੀ ਸਮੇਤ ਪੰਜਾਬ ਭਰ ਵਿੱਚ ਇਨ੍ਹਾਂ ਸਾਮਰਾਜੀ ਸੰਸਥਾਵਾਂ ‘ਕੌਮਾਂਤਰੀ ਮੁਦਰਾ ਫੰਡ‘ਅਤੇ ਸੰਸਾਰ ਵਪਾਰ ਸੰਸਥਾ‘ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਪੂਰੇ ਦੇਸ਼ ਵਿੱਚ ਸਾਰੀਆਂ ਫਸਲਾਂ ਦੀ ਐਮ ਐਸ ਪੀ ਉੱਪਰ ਖਰੀਦ ਦਾ ਕਾਨੂੰਨੀ ਹੱਕ ਲੈਣ ਦੇ ਨਾਲ ਹੀ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਇਹ ਘੋਲ਼ ਦਿਨੋਂ ਦਿਨ ਸਿਖਰਾਂ ਵੱਲ ਵਧਾਇਆ ਜਾਵੇਗਾ। ਇਸੇ ਦਿਸ਼ਾ ‘ਚ ਵਧਦੇ ਹੋਏ 26 ਜਨਵਰੀ ਮੌਕੇ ਦਿੱਲੀ ‘ਚ ਕੀਤੀ ਜਾ ਰਹੀ ਕਿਸਾਨ ਪਰੇਡ ਦੀ ਤਿਆਰੀ ਲਈ 20-21 ਜਨਵਰੀ ਨੂੰ ਪਿੰਡ ਪਿੰਡ ਟ੍ਰੈਕਟਰ ਮਾਰਚ ਕੀਤੇ ਜਾਣਗੇ। ਪੌਣੇ ਦੋ ਮਹੀਨਿਆਂ ਤੋਂ ਪੂਰੇ ਸਿਦਕ ਸਿਰੜ ਨਾਲ ਹੱਡਚੀਰਵੀਂ ਠੰਢ ਵਿੱਚ ਵੀ ਦਿੱਲੀ ਮੋਰਚਿਆਂ ਵਿੱਚ ਲਗਾਤਾਰ ਡਟੇ ਹੋਏ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਦਾ ਬੁਲਾਰਿਆਂ ਨੇ ਤਹਿਦਿਲੋਂ ਧੰਨਵਾਦ ਕੀਤਾ।ਅੱਜ ਦੇ ਪ੍ਰੋਗ੍ਰਾਮਾਂ ਵਿੱਚ ਕਿਸਾਨ ਘੋਲ਼ ਦੇ ਸਹਿਯੋਗੀ ਤਬਕਿਆਂ ਖੇਤ ਮਜ਼ਦੂਰਾਂ, ਟੀਚਰਾਂ ਤੇ ਹੋਰ ਮੁਲਾਜ਼ਮਾਂ,ਮਗਨਰੇਗਾ ਮੁਲਾਜ਼ਮਾਂ,ਜਲ ਸਪਲਾਈ ਕਾਮਿਆਂ,ਬਿਜਲੀ ਮੁਲਾਜ਼ਮਾਂਪੇਂਡੂ ਡਾਕਟਰਾਂ, ਵਕੀਲਾਂ, ਆਂਗਣਵਾੜੀ ਵਰਕਰਾਂ,ਪੇਂਡੂ/ਸ਼ਹਿਰੀ ਕਾਰੋਬਾਰੀਆਂ ਆਦਿ ਵੱਲੋਂ ਵੀ ਵਿਤ ਮੂਜਬ ਹਮਾਇਤੀ ਸ਼ਮੂਲੀਅਤ ਕੀਤੀ ਗਈ। ਬੁਲਾਰਿਆਂ ਨੇ ਦੁਸ਼ਮਣ ਜਮਾਤਾਂ ਨਾਲ ਦੋ-ਦੋ ਹੱਥ ਕਰਨ ਵਾਲੀ ਚੰਡੀ ਬਣ ਕੇ ਉੱਭਰ ਰਹੀਆਂ ਔਰਤਾਂ ਸਮੇਤ ਸਭਨਾਂ ਸਹਿਯੋਗੀ ਲੋਕਾਂ ਦਾ ਖਾਸ ਕਰਕੇ ਸ਼ਾਨਦਾਰ ਪ੍ਰਬੰਧਾਂ ਵਿੱਚ ਸ਼ਾਮਲ ਨੌਜਵਾਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੋਕੇ ਤੇ ਸਮੂਹ ਪਿੰਡਾਂ ਵਿੱਚੋ ਆਈ ਲੰਗਰਾਂ ਆਈ ਸੇਵਾ ਅਤੇ ਸਮਾਜਸੇਵੀ ਸੰਸਥਾਵਾਂ ਤੋ ਹਰੀਪੁਰਾ ਗੁਰਦੁਆਰਾ ਸਾਹਿਬ,ਬਾਬਾ ਖੁਸ਼ਦੀਲ ਜੀ ਜੰਡਵਾਲਾ ਭੀਮੇਸ਼ਾਹ,ਦਾ ਧੰਨਵਾਦ ਕੀਤਾ।ਇਸ ਮੋਕੇ ਕਾਰਜ਼ਕਾਰੀ ਪ੍ਰਧਾਨ ਸਤਪਾਲ ਸਿੰਘ,ਜ਼ਿਲ੍ਹਾ ਪ੍ਰਧਾਨ ਜ਼ੋਗਿੰਦਰ ਸਿੰਘ,ਹਰਜਿੰਦਰ ਸਿੰਘ ਬੱਗੀ ਬਠਿੰਡਾ,ਗੁਰਮੀਤ ਸਿੰਘ ਕ੍ਰਿਸ਼ਨਪੁਰਾ,ਅਮ੍ਰਿਤਪਾਲ ਸਿੰਘ ਮਗਨਰੇਗਾ,ਸੁਨੀਲ ਭੋਡੀਪੁਰ,ਗੁਰਭਗਤ ਸਿੰਘ ਮੁਕਤਸਰ,ਮਨਜੀਤ ਕੋਰ ਫਰੀਦਕੋਟ,ਆਸ਼ਾ ਰਾਣੀ,ਪਰਮਜੀਤ ਕੋਰ ਕੁਟੜਾ,ਮਾਲਣਾ ਕੋਰ ਕੋਠਾਗੁਰੂ,ਜਗਸੀਰ ਸਿੰਘ ਘੋਲਾ,ਹਰਮੀਤ ਸਿੰਘ,ਸੁਖਮੰਦਰ ਸਿੰਘ,ਜਗਤਾਰ ਸਿੰਘ ਅਬੋਹਰ,ਹਜਿੰਦਰ ਸਿੰਘ,ਨਿਰਵੈਲ ਸਿੰਘ,ਭਗਵਾਨ ਸਿੰਘ,ਪਾਲਾ ਭੱਟੀ,ਜ਼ੋਗਾ ਸਿੰਘ,ਜ਼ਸਪਾਲ ਸਿੰਘ,ਨਿਰੰਜਣ ਸਿੰਘ ਦੀ ਟੋਟਲ ਟੀਮ,ਗੁਰਮੇਲ ਕੋਰ ਆਗਣਵਾੜੀ,ਸੰਨੀ ਕੁਮਾਰ ਆਦਿ ਵਿਚਾਰ ਅਤੇ ਪੱਖ ਪੇਸ਼ ਮੋਦੀ ਹੂਕਮਤ ਵੱਲੋ ਲਾਗੂ ਕਾਲੇ ਕਾਨਨੂੰ ਖਿਲਾਫ ਰੱਖੇ ।



Post a Comment

0 Comments