ਅਣਭੋਲ ਜਿਹੇ ਚਿਹਰੇ ਵਾਲਾ, ਮਲੂਕੜਾ ਜਿਹਾ, 14- ਕੁ ਸਾਲ ਦਾ ਇੱਕ ਲੜਕਾ ਮੇਰੇ ਨਾਲ ਚੁੱਪ ਚਾਪ ਬੈਠਾ, ਬਹੁਤ ਹੀ ਗੰਭੀਰ ਮੁਦਰਾ ਵਿਚ ਸਟੇਜ ਤੋਂ ਬੋਲਣ ਵਾਲੇ ਬੁਲਾਰਿਆਂ ਨੂੰ ਬਹੁਤ ਹੀ ਧਿਆਨ ਨਾਲ ਸੁਣ ਰਿਹਾ ਸੀ। ਉਸ ਦੇ ਇਸ ਅੰਦਾਜ ਨੇ ਮੈਨੂੰ ਕੀਲ ਜਿਹਾ ਲਿਆ ਸੀ। ਮੇਰਾ ਧਿਆਨ ਸਟੇਜ ਵੱਲ ਘੱਟ ਤੇ ਉਸ ਵੱਲ ਜਿਆਦਾ ਸੀ। ਉਹ ਕਾਫ਼ੀ ਗੰਭੀਰ ਸੀ। ਜਿਵੇਂ ਉਹ ਬੋਲਣ ਵਾਲੇ ਬੁਲਾਰਿਆਂ ਦੀ ਰੂਹ ਤੱਕ ਉਤਰ ਚੁੱਕਿਆ ਹੋਵੇ। ਜਿਵੇਂ ਵਾਪਰ ਰਹੀਆਂ ਸਥਿਤੀਆਂ ਨੂੰ ਚੰਗੀ ਤਰ•ਾਂ ਭਾਂਪ ਰਿਹਾ ਹੋਵੇ। ਬੱਚਿਆਂ ਦੇ ਅਧਿਕਾਰਾਂ ਪ੍ਰਤੀ ਚੱਲ ਰਹੇ ਇਸ ਪ੍ਰੋਗਰਾਮ ਵਿਚ ਬੱਚਿਆਂ ਦੇ ਭਵਿੱਖ ਬਾਰੇ ਚਰਚਾ ਕੀਤੀ ਜਾ ਰਹੀ ਸੀ। ਮੈਂ ਉਸਦੀ ਇਸ ਗੰਭੀਰ ਮੁਦਰਾ ਵਿਚ ਬੈਠੇ ਦੀ ਇਕ ਤਸਵੀਰ ਖਿੱਚਣੀ ਚਾਹੁੰਦਾ ਸੀ। ਪਰ ਮੈਂ ਅਸਫ਼ਲ ਰਿਹਾ ਕਿਉਂ ਕਿ ਮੇਰੇ ਕੈਮਰਾ ਉਸਦੇ ਵੱਲ ਕਰਦਿਆਂ ਹੀ ਉਹ ਮੇਰੇ ਵੱਲ ਦੇਖਣ ਲੱਗਿਆ ਸੀ। ਮੈਨੂੰ ਲੱਗਿਆ ਜਿਵੇਂ ਮੈਂ ਕਿਸੇ ਦੀ ਸਮਾਧੀ ਭੰਗ ਕਰ ਦਿੱਤੀ ਹੋਵੇ। ਮੈਂ ਉਸਦੇ ਗੰਭੀਰ ਵਿਚਾਰਾਂ ਨੂੰ ਸੱਟ ਮਾਰ ਚੁੱਕਿਆ ਸੀ। ਦੇਸ਼ ਦੀ ਗਰੀਬੀ ਅਤੇ ਆਰਥਿਕ ਹਾਲਤਾਂ ਵਿਚ ਡੁੱਬੇ ਗਰੀਬ ਬੱਚਿਆਂ ਦੀ ਗੱਲ ਹੋ ਰਹੀ ਸੀ।
ਪਰ ਉਹ ਮੈਨੂੰ ਪੁੱਛ ਰਿਹਾ ਸੀ। ਤੁਸੀ ਮੇਰੀ ਫੋਟੋ ਕਿਉਂ ਖਿੱਚ ਰਹੇ ਸੀ। ਮੈਂ ਉਸ ਨੂੰ ਕਹਿ ਰਿਹਾ ਸੀ, ਬੱਸ ਤੇਰੀ ਤਸਵੀਰ ਵਿਚ ਮੈਨੂੰ ਕੁਝ ਲੱਭ ਗਿਆ ਸੀ ਤੇ ਤੇਰੀ ਸਮਾਧੀ ਟੁੱਟਦਿਆਂ ਹੀ ਮੇਰੀ ਤਸਵੀਰ ਗੁਆਚ ਗਈ ਐ ਯਾਰ...। ਉਹ ਮੇਰੇ ਸ਼ਬਦ ਸੁਣਦਿਆਂ ਹੱਸ ਰਿਹਾ ਸੀ।
ਸਮਾਗਮ ਵਿਚ ਬੱਚਿਆਂ ਦੇ ਭਵਿੱਖ ਲਈ ਕੀਤੇ ਜਾਣ ਵਾਲੇ ਯਤਨਾਂ ਸਬੰਧੀ ਵਿਚਾਰ ਚਰਚਾ ਹੋ ਰਹੀ ਸੀ। ਸਿੱਖਿਆ, ਸਿਹਤ ਅਤੇ ਸਮਾਨਤਾ ਦੇ ਅਧਿਕਾਰ ਸਬੰਧੀ ਕੰਮ ਕਰਨ ਵਾਲੇ ਛੋਟੇ ਛੋਟੇ ਬੱਚੇ ਆਪਣੇ ਵਿਚਾਰ ਦੇ ਰਹੇ ਸਨ। ਉਹ ਗੰਭੀਰ ਜਿਹੇ ਸੁਭਾਅ ਵਾਲਾ ਬੱਚਾ ਵੀ ਇਸ ਮੁਹਿੰਮ ਦਾ ਚੈਪੀਅਨ ਸੀ। ਜਿਹੜਾ ਸਰਕਾਰੀ ਸਕੂਲ ਦਾ ਨੌਵੀਂ ਜਮਾਤ ਦਾ ਵਿਦਿਆਰਕਥੀ ਸੀ। ਉਸ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਸੀ। ਮੁੱਖ ਮਹਿਮਾਨ ਉਸਦੀ ਸਿੱਖਿਆ ਬਾਰੇ ਪੁੱਛ ਰਹੀ ਸੀ। ਜਿਹੜਾ ਬੇਬਾਕ ਹੋ ਕੇ ਉਨ•ਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਮੁੱਖ ਮਹਿਮਾਨ ਵੱਲੋਂ ਪੁੱਛੇ ਜਾਣ ਤੇ ਉਸ ਨੇ ਦੱਸਿਆ ਕਿ ਉਹ ਪਹਿਲਾਂ ਸਕੂਲ ਨਹੀਂ ਜਾਂਦਾ ਸੀ। ਘਰੇ ਰਹਿ ਕੇ ਹਮੇਸ਼ਾਂ ਖੇਡਦਾ ਰਹਿੰਦਾ ਸੀ। ਉਹ ਪੈਸੇ ਖੇਡਦਾ ਜਾਂ ਕੱਚ ਦੀਆਂ ਗੋਲੀਆਂ.... ਉਸਦੀ ਇਸ ਬੇਬਾਕੀ ਗੱਲਬਾਤ ਦੌਰਾਨ ਫੋਟੋ ਤੇ ਫੋਟੋ ਕਲਿੱਕ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਹ ਪਿੰਡ ਦੀ ਹੀ ਇਕ ਕੁੜੀ ਵੱਲੋਂ ਦਿੱਤੀ ਗਈ ਸਿੱਖਿਆ ਕਾਰਨ ਸਕੂਲ ਜਾਣ ਲੱਗਿਆ ਤੇ ਹੁਣ ਇਸ ਮੁਹਿੰਮ ਵਿਚ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਯੋਗਦਾਨ ਪਾ ਰਿਹਾ ਹੈ।
ਮੈਂ ਉਸਦੀ ਇਸ ਬੇਬਾਕੀ ਨਾਲ ਕੀਤੀ ਗਈ ਗੱਲਬਾਤ ਨੂੰ ਬਹੁਤ ਵੱਡੀ ਪ੍ਰਾਪਤੀ ਮੰਨਦਾ ਸੀ। ਉਸਦੇ ਫਿਰ ਤੋ. ਸੋਫ਼ੇ ਤੇ ਬਹਿੰਦਿਆਂ ਮੇਰਾ ਉਸ ਨਾਲ ਗੁਫ਼ਤਗੂ ਕਰਨ ਨੂੰ ਮਨ ਕਰਿਆ, ਉਸਦੇ ਸਨਮਾਨ ਪੱਤਰ ਤੇ ਉਸਦਾ ਨਾਮ ਚੇਤ ਰਾਮ ਉਕਰਿਆ ਹੋਇਆ ਸੀ। ਮੈਂ ਪੁੱਛ ਰਿਹਾ ਸੀ, ਬਾਈ ਤੂੰ ਕਮਾਲ ਹੀ ਕਰ ਦਿੱਤੀ, ਡਿਪਟੀ ਕਮਿਸ਼ਨਰ ਨਾਲ ਇਸ ਤਰ•ਾਂ ਖੁੱਲ• ਦਿਲੀ ਨਾਲ ਗੱਲ ਕੀਤੀ ਜਦੋਂ ਵੱਡੇ ਤੋਂ ਵੱਡਾ ਬੰਦਾ ਵੀ ਇਕ ਆਈ.ਏ.ਐਸ. ਅਫ਼ਸਰ ਨਾਲ ਗੱਲ ਕਰਨ ਤੋਂ ਕੰਨੀ ਕਤਰਾ ਜਾਂਦਾ ਹੈ। ਮੈਂ ਕਿਹਾ, ਸਕੂਲ ਦੇ ਅਧਿਆਪਕਾਂ ਨਾਲ ਵੀ ਇਸ ਤਰ•ਾਂ ਗੱਲ ਕਰਦਾ ਐ ਕਿ ? ਉਸ ਨੇ ਕਿਹਾ, ਨਹੀਂ ਮਾਸਟਰ ਇਸ ਅੰਦਾਜ ਨਾਲ ਗੱਲ ਨਹੀਂ ਕਰਦੇ ਜਿਵੇਂ ... ਡਿਪਟੀ ਕਮਿਸ਼ਨਰ ਸਾਹਬ ਨੇ ਕੀਤੀ ਐ... ਮੈਂ ਕਿਹਾ ਕਿਉਂ? ਉਸਦਾ ਜਵਾਬ ਸੀ, ਉਹ ਗੱਲ ਕਰਕੇ ਖੁਸ਼ ਹੀ ਨਹੀਂ ਹੁੰਦੇ ਬੱਚਿਆਂ ਨਾਲ। ਆਪਣੇ ਆਪ ਵਿਚ ਹੀ ਗੁਆਚੇ ਰਹਿੰਦੇ ਨੇ। ਮੈਨੂੰ ਲੱਗਿਆ ਇਹ ਸੱਚ ਹੈ। ਇਸ ਕਾਰਨ ਹੀ ਸਿੱਖਿਆ, ਸਿੱਖਿਆਰਥੀ ਅਤੇ ਅਧਿਆਪਕ ਵਿਚ ਇਕ ਪਾੜਾ ਜਿਹਾ ਪੈ ਗਿਆ। ਜਿਹੜਾ ਅਧਿਆਪਕ ਅਤੇ ਵਿਦਿਆਰਥੀ ਵਿਚ ਇਕ ਲਕੀਰ ਖਿੱਚ ਰਿਹਾ ਹੈ। ਜਿਸ ਕਾਰਨ ਅੱਜ ਅਧਿਆਪਕ ਦੀ ਤਸਵੀਰ ਗੁਆਚ ਰਹੀ ਹੈ। ਮੇਰੇ ਚੇਤੇ ਵਿਚ ਚੇਤ ਰਾਮ ਦੇ ਬਚਪਨ ਵਿਚਲੀ ਸਿਆਣੀ ਅਤੇ ਸਮਝਦਾਰ ਇਨਸਾਨ ਵਾਲੀ ਤਸਵੀਰ ਉਕਰ ਚੁੱਕੀ ਸੀ।

0 Comments