Breaking News
Loading...

ਇਕ ਲੱਪ ਖੁਸ਼ੀਆਂ ਦੀ ....


=====
ਬਲਰਾਜ-- 
ਖੁਸ਼ੀਆ , ਖੇੜੇ, ਚਾਹਤਾਂ ਅਤੇ ਉਮੰਗਾਂ ਮਨੁੱਖ ਦੀ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ। ਸੁੱਖਾਂ ਅਤੇ ਕਿਲਕਾਰੀਆਂ ਮਾਰਦੀ ਜ਼ਿੰਦਗੀ ਵਿਚ ਮੂੰਹ ਅਤੇ ਦਿਲ ਤੱਕ ਖੁਸ਼ੀ ਦੇ ਵਾਜੇ ਵੱਜ ਜਾਣੇ ਬਹੁਤ ਵੱਡੀ ਰੱਬੀ ਬਖ਼ਸ਼ਿਸ਼ ਹੋ ਨਿਬੜਦੀ ਹੈ। ਰੂਹ ਦਾ ਖੁਸ਼ੀਆਂ ਨਾਲ ਝੂਮ ਉੱਠਣਾ ਕੋਈ ਛੋਟੀ ਮੋਟੀ ਗੱਲ ਵੀ ਨਹੀਂ ਹੁੰਦੀ। ਇਕ ਛੋਟੀ ਜਿੰਨੀ ਖੁਸ਼ੀ ਇਨਸਾਨ ਨੂੰ ਧੁਰ ਅੰਦਰ ਤੱਕ ਹਲੂਣਾ ਦੇ ਜਾਂਦੀ ਹੈ। ਕਹਿੰਦੇ ਨੇ ਖੁਸ਼ੀਆਂ ਵੰਡਣ ਨਾਲ ਵੱਧ ਜਾਂਦੀਆਂ ਹਨ। ਜਿਵੇਂ ਕਿਸੇ ਦਾ ਦਰਦ ਸੁਣਨ ਨਾਲ ਕਿਸੇ ਦੁਖੀਏ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ। ਛੋਟੀਆਂ ਛੋਟੀਆਂ ਖੁਸ਼ੀਆਂ ਪਾਉਣ ਲਈ ਕੀ ਕੁਝ ਨਹੀਂ ਕੀਤਾ ਜਾਂਦਾ। ਖੁਸ਼ੀਆਂ ਲਈ ਇਨਸਾਨ ਜ਼ਿੰਦਗੀ ਭਰ ਮਿਹਨਤਾ ਕਰਦਾ ਰਹਿੰਦਾ ਹੈ। ਖੁਸ਼ੀਆਂ ਨਾਲ ਲਿਬਰੇਜ ਮਨੁੱਖੀ ਜ਼ਿੰਦਗੀ ਹਾਸੇ ਵੰਡਦੀ ਰਹਿੰਦੀ ਹੈ। ਜ਼ਿੰਦਗੀ ਦੇ ਰਾਹਾਂ ਵਿਚ ਖੁਸ਼ੀਆਂ ਦਾ ਸਮਰਥਨ ਹਰ ਕੋਈ ਕਰਦਾ ਹੈ। ਕੌਣ ਹੈ ਜਿਹੜਾ ਨਹੀਂ ਚਾਹੁੰਦਾ ਕਿ ਉਸ ਦੀ ਜ਼ਿੰਦਗੀ ਵਿਚ ਖੁਸ਼ੀਆਂ ਨਾ ਹੋਣ। ਖੁਸ਼ੀਆਂ ਦੀ ਤਰਜਮਾਨੀ ਜ਼ਿੰਦਗੀ ਦਾ ਅਸਲ ਯਥਾਰਥ ਹੁੰਦੀ ਹੈ। ਚੱਲਦੀ ਜ਼ਿੰਦਗੀ ਵਿਚ ਖੁਸ਼ੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਕਦੇ ਜ਼ਿੰਦਗੀ ਵਿਚ ਖੁਸ਼ੀਆਂ ਦਾ ਹੜ ਜਿਹਾ ਆ ਜਾਂਦਾ ਹੈ ਅਤੇ ਕਦੇ ਛੋਟੇ ਜਿਹੇ ਹਾਸੇ ਲਈ ਵੀ ਤਰਸ ਜਾਈਦਾ। ਬਹੁਤ ਵਾਰ ਮਨੁੱਖ ਕੋਲੋਂ ਜ਼ਿੰਦਗੀ ਦੇ ਹਾਸਿਆਂ ਦਾ ਰੁੱਸ ਜਾਣਾ ਵੀਰਨਾਗੀ ਪੈਦਾ ਕਰ ਜਾਂਦਾ ਹੈ। ਕੁਝ ਲੋਕ ਖੁਸ਼ੀਆਂ ਵੰਡਦੇ ਹਨ ਅਤੇ ਕੁਝ ਖੋਹ ਲੈਂਦੇ ਹਨ। ਉਦਾਸ ਚਿਹਰਿਆਂ ਤੇ ਖੁਸ਼ੀ ਦੇਣੀ ਰੂਹ ਨੂੰ ਕਿੰਨਾ ਚੈਨ ਦੇ ਜਾਂਦਾ, ਇਸ ਬਾਰੇ ਤਾਂ ਖੁਸ਼ੀ ਲੈਣ ਵਾਲਾ ਅਤੇ ਖੁਸ਼ੀ ਦੇਣ ਵਾਲਾ ਹੀ ਦੱਸ ਸਕਦਾ। ਪਰ ਕਦੇ ਕਿਸੇ ਹੱਸਦੇ ਚਿਹਰੇ ਤੋਂ ਖੁਸ਼ੀ ਖੋਹ ਲੈਣਾ ਕਿੰਨਾ ਵੱਡਾ ਗੁਨਾਹ ਹੋ ਨਿਬੜਦਾ ਹੈ। ਸ਼ਾਇਦ ਇਸ ਦਾ ਅੰਦਾਜਾ ਆਪਣੀ ਜ਼ਿੰਦਗੀ  ਵਿਚ ਉਹ ਲੋਕ ਹੀ ਦੱਸ ਸਕਦੇ ਹਨ ਜਿਹੜੇ ਕਿਸੇ ਸਮੇਂ ਤੇ ਆਪਣੇ ਮਨਾਂ ਦੇ ਵੰਲੂਧਰ ਜਾਣ ਸਮੇਂ ਕਿਸੇ ਦਰਦ ਦਾ ਅਹਿਸਾਸ ਕਰਦੇ ਹਨ। ਕਈ ਲੋਕ ਛੋਟੀਆਂ ਛੋਟੀਆਂ ਖੁਸ਼ੀਆਂ ਵੰਡਦੇ ਰਹਿੰਦੇ ਹਨ। ਉਨਾਂ ਲਈ ਸ਼ਾਇਦ ਇਹ ਹੀ ਬਹੁਤ ਵੱਡਾ ਤੋਹਫ਼ਾ ਹੁੰਦਾ ਹੈ। ਕਾਦਰ ਦੀ ਕੁਦਰਤ ਵਿਚ ਖੁਸ਼ੀਆਂ ਦੇ ਅਮੁੱਕ ਭੰਡਾਰ ਹਨ। ਪਰ ਅਸੀ ਹਾਂ ਕਿ ਇੰਨਾਂ ਨੂੰ ਪਹਿਚਾਨਣ ਦਾ ਜੇਰਾ ਹੀ ਨਹੀਂ ਕਰਦੇ। ਕੁਝ ਲੋਕ ਕਿਸੇ ਦੇ ਦੁੱਖ ਦਰਦ ਵਿਚ ਸ਼ਰੀਕ ਹੁੰਦੇ ਹਨ, ਉਨਾਂ ਨੂੰ ਦੂਰ ਕਰਦੇ ਹਨ ਅਤੇ ਉਸ ਤੋਂ ਬਾਅਦ ਦੁਖੀਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਇਕ ਝਲਕ ਦੇ ਦਰਸ਼ਨ ਕਰਕੇ ਆਪਣਾ ਉਧਾਰ ਕਰ ਜਾਂਦੇ ਹਨ। ਸੱਚ ਵਿਚ ਕਿੰਨਾ ਔਖਾ ਹੁੰਦਾ ਖੁਸ਼ੀਆਂ ਵੰਡਣਾ ਅਤੇ ਕਿਸੇ ਉਦਾਸ ਚਿਹਰੇ ਤੇ ਖੁਸ਼ੀ ਲਿਆਉਣਾ । ਕਈ ਵਾਰ ਖੁਸ਼ੀਆਂ ਵੰਡਣ ਵਾਲੇ ਲੋਕ ਮੀਲਾਂ ਦਾ ਸਫ਼ਰ ਤੈਅ ਕਰਦੇ ਹਨ। ਉਨਾਂ ਲਈ ਇਹ ਹੀ ਜ਼ਿੰਦਗੀ ਦਾ ਅਸਲ ਯਥਾਰਥ ਹੁੰਦਾ ਹੈ। ਉਹ ਉਨਾਂ ਰਾਹਾਂ ਤੇ ਪਹੁੰਚ ਜਾਂਦੇ ਹਨ ਜਿਸ ਬਾਰੇ ਕਦੇ ਕੋਈ ਪਹੁੰਚਿਆ ਹੀ ਨਹੀਂ ਹੁੰਦਾ। ਉਨਾਂ ਨੇ ਕਦੇ ਉਨਾਂ ਥਾਵਾਂ ਬਾਰੇ ਚਿਤਵਿਆ ਵੀ ਨਹੀਂ ਹੁੰਦਾ। ਉੱਥੇ ਪਹੁੰਚ ਕੇ ਜਦੋਂ ਕਿਸੇ ਦੁੱਖਾਂ ਦਰਦਾਂ ਨਾਲ ਕੁਰਹਾਂਦੀ ਜ਼ਿੰਦਗੀ ਦੇ ਦਰਦ ਨੂੰ ਦੂਰ ਕਰਦੇ ਹਨ ਤਾਂ ਇਹ ਲੋਕ ਸੱਚ ਵਿਚ ਕਿਸੇ ਵੱਡੇ ਭਾਗਾਂ ਵਾਲੇ ਕਹਾਏ ਜਾਣ ਦੇ ਹੱਕਦਾਰ ਹੋ ਨਿਬੜਦੇ ਹਨ। ਇਹ ਸਮਾਂ ਇੰਝ ਹੁੰਦੈ ਜਿਵੇਂ ਧਰਤੀ ਤੇ ਕੋਈ ਖੁਸ਼ੀਆਂ ਦੀਆਂ ਲੱਪਾਂ ਵੰਡ ਰਿਹਾ ਹੋਵੇ।
ਅੱਜ ਜ਼ਿੰਦਗੀ ਦੀ ਭੱਜ ਦੌੜ ਦੀ ਜ਼ਿੰਦਗੀ ਵਿਚ ਮਨੁੱਖ ਨੇ ਖੁਸ਼ੀਆਂ ਤੋਂ ਜ਼ਿਵੇਂ ਕਿਨਾਰਾ ਹੀ ਕਰ ਲਿਆ। ਹੱਸਣਾ ਭੁੱਲਦਾ ਹੀ ਜਾਂਦਾ ਹੈ ਅੱਜ ਦਾ ਇਨਸਾਨ। ਰੱਬ ਦੀਆਂ ਬਖਸ਼ਿਸ਼ਾਂ ਤੋਂ ਵੀ ਕਿਨਾਰਾ ਕਰ ਗਿਆ ਲੱਗਦਾ। ਪ੍ਰਮਾਤਮਾ ਦੀ ਦੇਣ ਜ਼ਿੰਦਗੀ ਨਾਲ ਵੀ ਕੋਝੇ ਜਿਹੇ ਮਜਾਕ ਕਰਦਾ ਰਹਿੰਦਾ। ਸਵਾਰਥੀ ਹੋ ਕੇ ਜ਼ਿੰਦਗੀ ਜਿਉਣ ਨੂੰ ਤਰਜੀਹ ਦੇਣ ਲੱਗਿਆ। ਦੁਨੀਆਂ ਵਿਚ ਹਾਸੇ ਵੰਡਣ ਵਾਲੇ ਲੋਕਾਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ ਅਤੇ ਉਨਾਂ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਹੜੇ ਹਾਸਿਆਂ ਨੂੰ ਖੋਹਣ ਦਾ ਭਰਮ ਦਿਲਾਂ ਵਿਚ ਪਾਲੀ ਬੈਠੇ ਹਨ। ਕਦੇ ਕਿਸੇ ਨੂੰ ਉਧਾਰੀ ਜਿਹੀ ਖੁਸ਼ੀ ਦੇਣ ਦਾ ਯਤਨ ਵੀ ਨਹੀਂ ਕੀਤਾ ਜਾਂਦਾ। ਇਕ ਫ਼ਨਕਾਰ ਨੇ ਕਿੰਨਾ ਸੋਹਣਾ ਕਿਹਾ, ਇਕ ਖੁਸ਼ੀ ਉਧਾਰੀ ਸੱਜਣਾ ਵੇ ਦੇ ਜਾ ਜਾਂਦੀ ਵਾਰੀ, ਜਦੋ ਜ਼ਿੰਦਗੀ ਦੇ ਇਸ ਸਫ਼ਰ ਵਿਚੋਂ ਮਨਫ਼ੀ ਹੋਣਾ ਹੀ ਹੈ ਤਾਂ ਕਿਉਂ ਕਿਸੇ ਦੀਆਂ ਖੁਸ਼ੀਆਂ, ਖਾਹਸਾਂ ਅਤੇ ਉਮੰਗਾਂ ਤੇ ਡਾਕਾ ਮਾਰਿਆ ਜਾਵੇ। ਕਿਸੇ ਨੂੰ ਛੋਟਾ ਜਾਂ ਨੀਵਾਂ ਦਿਖਾ ਕੇ ਅਸੀ ਕੋਈ ਮਾਅਰਕਾ ਤਾਂ ਨਹੀਂ ਮਾਰ ਲਵੇਗਾ। ਦਿਲ ਦੀ ਇਬਾਰਤ ਤੋਂ ਖੁਸ਼ੀਆਂ ਨੂੰ ਮਿਟਾਉਂਦੇ ਲੋਕ ਇਖਲਾਕ ਤੋਂ ਖਾਲੀ ਹੁੰਦੇ ਜਾ ਰਹੇ ਹਨ। ਇਖਲਾਕ ਤੋਂ ਡਿੱਗਦੇ ਲੋਕ ਕਿਸੇ ਲਈ ਕਿਸੇ ਸਮੇਂ ਵੀ ਸਰਾਪ ਬਣ ਜਾਂਦੇ ਹਨ। ਜ਼ਿੰਦਗੀ ਦੀਆਂ ਅਸਲ ਹਕੀਕਤਾਂ ਤੋਂ ਦੂਰ ਹੁੰਦੇ ਜਾਂਦੇ ਹਨ। ਖੁਸ਼ੀਆਂ ਲਈ ਅੱਖੀਆਂ ਦਾ ਤਰਸ ਜਾਣਾ ਮਨੁੱਖ ਦੀ ਜ਼ਿੰਦਗੀ ਦਾ ਇਕ ਕੋਝ ਹੋ ਨਿਬੜਿਆ ਹੈ। ਕੁਝ ਲੋਕ ਖੁਸ਼ੀਆਂ ਦੀ ਇੱਕ ਲੱਪ ਲਈ ਵੀ ਤਰਸ ਜਾਂਦੇ ਹਨ। ਲੋੜ ਇਸ ਗੱਲ ਦੀ ਹੈ ਕਿ ਜੇਕਰ ਅਸੀ ਇਨਸਾਨ ਹਾਂ ਤਾਂ ਇਨਸਾਨੀਅਤ, ਮਾਨਵਤਾ ਲਈ ਕੰਮ ਕਰਦੇ ਹੋਏ ਹਰ ਕਿਸੇ ਚਿਹਰੇ ਤੇ ਖੁਸ਼ੀ ਦੇਖਣ ਦਾ ਯਤਨ ਕਰੀਏ ਨਾ ਕਿ ਹੱਸਦੇ ਚਿਹਰਿਆਂ ਨੂੰ ਨੀਵੇਂ ਦਿਖਾ ਕੇ ਖੁਸ਼ੀਆਂ ਹੀ ਖੋਹ ਲਈਏ। 
 
ਪੰਨੀਵਾਲਾ ਫੱਤਾ, ਸ੍ਰੀ ਮੁਕਤਸਰ ਸਾਹਿਬ 
73474 56563

Post a Comment

0 Comments