ਮਹਿਲਾ ਸਸ਼ਕਤੀਕਰਣ ਅਤੇ ਲਿੰਗ ਸਮਾਨਤਾ ਸਥਿਰ ਵਿਕਾਸ ਦੀ ਕੁੰਜੀ ਹੈ: ਡਿਪਟੀ ਕਮਿਸ਼ਨਰ
ਫਾਜ਼ਿਲਕਾ, 31 ਅਕਤੂਬਰ
ਮਹਾਤਮਾ ਗਾਂਧੀ ਸਟੇਟ ਇੰਸਟੀਚਿਉਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮੈਗਸੀਪਾ) ਵੱਲੋਂ ‘ਮਹਿਲਾ ਸਸ਼ਕਤੀਕਰਨ ਵੱਲ ਇੱਕ ਕਦਮ’ਵਿਸ਼ੇ ’ਤੇ 3 ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਸਿਖਲਾਈ ਪ੍ਰੋਗਰਾਮ ਭਾਰਤ ਸਰਕਾਰ ਦੇ ਅਮਲੇ ਅਤੇ ਸਿਖਲਾਈ ਵਿਭਾਗ ਦੁਆਰਾ ਲਗਾਇਆ ਗਿਆ। ਇਸ 3 ਰੋਜ਼ਾ ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੇ ਤਕਰੀਬਨ 30 ਸਰਕਾਰੀ ਕਰਮਚਾਰੀਆਂ ਨੇ ਭਾਗ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਔਰਤਾਂ ਦਾ ਸਸ਼ਕਤੀਕਰਣ ਲਿੰਗ ਸਮਾਨਤਾ ਨੂੰ ਯਕੀਨੀ ਬਣਾਉਣ, ਸਿਹਤਮੰਦ ਅਤੇ ਸਦਭਾਵਨਾ ਭਰੇ ਸਮਾਜ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਕ ਮਹੱਤਵਪੂਰਨ ਅੰਗ ਹੈ। ਉਨ੍ਹਾਂ ਕਿਹਾ ਕਿ ਔਰਤ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦੇ ਉਪਰਾਲਿਆਂ ਵਿੱਚ ਸਮਾਜ ਵਿੱਚ ਔਰਤ ਦੇ ਯੋਗਦਾਨ ਦੀ ਸਹੀ ਮਾਨਤਾ, ਤਨਖਾਹ ਦੇ ਪਾੜੇ ਨੂੰ ਪੂਰਾ ਕਰਨ ਅਤੇ ਜੀਵਨ ਦੇ ਹਰ ਖੇਤਰ ਵਿੱਚ ਔਰਤਾਂ ਦੀ ਪ੍ਰਭਾਵਸ਼ਾਲੀ ਭਾਗੀਦਾਰੀ, ਖ਼ਾਸਕਰ ਲੋਕਤੰਤਰੀ ਪ੍ਰਣਾਲੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਔਰਤਾਂ ਨੂੰ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣਾਉਣ ਲਈ ਉਨ੍ਹਾਂ ਨੂੰ ਲੀਡਰਸ਼ਿਪ ਦੀ ਭੂਮਿਕਾ ਦੇ ਨਾਲ ਨੌਕਰੀ ਦੇ ਵਧੇਰੇ ਮੌਕੇ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਨੇ ਨਵੇਂ ਕਾਨੂੰਨ ਬਣਾ ਕੇ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਕੇ ਔਰਤਾਂ ਦੀ ਇੱਜ਼ਤ ਦੀ ਰਾਖੀ ਅਤੇ ਉਤਸ਼ਾਹਤ ਕਰਨ ਲਈ ਵੱਖ ਵੱਖ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਔਰਤਾਂ ਵਿਰੁੱਧ ਕੋਈ ਵਿਤਕਰਾ, ਬੇਇਨਸਾਫੀ ਅਤੇ ਘਰੇਲੂ ਹਿੰਸਾ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਸ ਵਿਸ਼ੇ ਦੀ ਮਹੱਤਤਾ ਨੂੰ ਮੰਨਦਿਆਂ, ਸੰਯੁਕਤ ਰਾਸ਼ਟਰ ਨੇ ਆਪਣੇ ਚਾਰਟਰ ਵਿੱਚ ਸਥਿਰ ਵਿਕਾਸ ਟੀਚਿਆਂ ਵਿੱਚ ਲਿੰਗ ਬਰਾਬਰੀ ਨੂੰ ਸ਼ਾਮਲ ਕੀਤਾ ਹੈ ਜੋ ਰਾਜਨੀਤਿਕ, ਆਰਥਿਕ ਅਤੇ ਜਨਤਕ ਜੀਵਨ ਵਿੱਚ ਫੈਸਲੇ ਲੈਣ ਦੇ ਹਰ ਪੱਧਰਾਂ ’ਤੇ ਔਰਤ ਦੀ ਸਰਗਰਮ ਸ਼ਮੂਲੀਅਤ ਦੀ ਕਲਪਨਾ ਕਰਦਾ ਹੈ। ਉਨ੍ਹਾਂ ਨੇ ਇਸ ਸਰਹੱਦੀ ਜ਼ਿਲ੍ਹੇ ਵਿੱਚ ਇਸ ਸਮਾਗਮ ਦੇ ਆਯੋਜਨ ਲਈ ਮੈਗਸੀਪਾ ਦੀ ਸ਼ਲਾਘਾ ਕੀਤੀ ਜੋ ਕਿ ਸਮਾਜਿਕ ਮਹੱਤਤਾ ਦੇ ਇਸ ਮਹੱਤਵਪੂਰਨ ਵਿਸ਼ੇ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਇਤਾ ਕਰ ਰਹੀ ਹੈ।
ਬਠਿੰਡਾ ਦੇ ਖੇਤਰੀ ਪ੍ਰਾਜੈਕਟ ਡਾਇਰੈਕਟਰ ਸ੍ਰੀ ਜਰਨੈਲ ਸਿੰਘ ਨੇ ਹਿੱਸਾ ਲੈਣ ਵਾਲਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਗਸੀਪਾ ਹਰ ਸਾਲ ਔਰਤ ਸਸ਼ਕਤੀਕਰਣ, ਲਿੰਗ ਬਰਾਬਰੀ, ਆਰਟੀਆਈ, ਸੇਵੋਤਮ, ਨਸ਼ਾ ਰੋਕੂ ਰੋਕਥਾਮ, ਇੰਡਕਸ਼ਨ ਟ੍ਰੇਨਿੰਗ ਸਮੇਤ ਵੱਖ ਵੱਖ ਵਿਸ਼ਿਆਂ ਤੇ ਲਗਭਗ 300 ਪ੍ਰੋਗਰਾਮ ਆਯੋਜਿਤ ਕਰਦਾ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਵੇਂ ਸਰਕਾਰੀ ਕਰਮਚਾਰੀਆਂ ਆਦਿ ਦੀ ਸਿਖਲਾਈ ਲਈ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਧਾਰਨਾ ਸ੍ਰੀ ਕੇ.ਬੀ.ਐੱਸ. ਸਿੱਧੂ, ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ, ਐਮ.ਜੀ.ਪੀ.ਆਈ.ਪੀ. ਅਤੇ ਸ੍ਰੀਮਤੀ ਜਸਪ੍ਰੀਤ ਤਲਵਾੜ, ਸੈਕਟਰੀ ਵੱਲੋਂ ਸਿਰਜੀ ਗਈ ਹੈ। ਉਨ੍ਹਾਂ ਡਿਪਟੀ ਕਮਿਸ਼ਨਰ, ਫਾਜ਼ਿਲਕਾ ਅਤੇ ਹੋਰ ਅਧਿਕਾਰੀਆਂ ਨੂੰ ਸਮਾਗਮ ਦੇ ਵਧੀਆ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ। ਸ੍ਰੀ ਮਨਦੀਪ ਸਿੰਘ, ਕੋਆਰਡੀਨੇਟਰ, ਖੇਤਰੀ ਕੇਂਦਰ ਬਠਿੰਡਾ ਅਤੇ ਹੋਰ ਵਿਸ਼ਾ ਮਾਹਰਾਂ ਨੇ ਇਸ 3 ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਵੱਖ-ਵੱਖ ਥੀਮਾਂ ਤੇ ਭਾਸ਼ਣ ਦਿੱਤੇ।
0 Comments