Breaking News
Loading...

ਚੁੱਪ ਨਾਲ ਸੰਵਾਦ

WRITER -ਬਲਰਾਜ ਸਿੰਘ

ਚੁੱਪ ਵਿਚ ਵੀ ਸ਼ਕਤੀ ਹੁੰਦੀ ਹੈ। ਚੁੱਪ ਬਹੁਤ ਕੁਝ ਕਹਿੰਦੀ ਹੈ। ਚੁੱਪ ਜ਼ਿੰਦਗੀ ਦਾ ਉਹ ਯਥਾਰਥ ਹੋ ਨਿਬੜਦੀ ਹੈ। ਜਿਹੜੀ ਤੁਹਾਡੀ ਜ਼ਿੰਦਗੀ ਦੀ ਇਬਾਰਤ ਲਿਖ਼ ਦਿੰਦੀ ਹੈ। ਚੁੱਪ ਰਹਿਣਾ ਇਕ ਸਿਰਜਣ ਸ਼ਕਤੀ ਨੂੰ ਜਨਮ ਦਿੰਦਾ ਹੈ। ਚੁੱਪ ਰਹਿ ਕੇ ਆਪਣੀ ਗੱਲ ਕਹਿ ਜਾਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ। ਇਹ ਲੋਕ ਆਪਣੀ ਗੱਲ ਨੂੰ ਕਹਿ ਜਾਂਦੇ ਨੇ ਤੇ ਜ਼ਿੰਦਗੀ ਦੀ ਇਬਾਰਤ ਲਿਖ ਜਾਂਦੇ ਨੇ। ਵੈਸੇ ਚੁੱਪ ਸ਼ਾਂਤ ਵਗਦੇ ਪਾਣੀ ਵਰਗੀ ਹੁੰਦੀ ਹੈ। ਜਿਹੜੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਲੜਨ ਦੀ ਸ਼ਕਤੀ ਰੱਖਦੀ ਹੈ। ਚੁੱਪ ਮਨੁੱਖੀ ਮਨ ਅੰਦਰ ਸ਼ਹਿਣਸ਼ਕਤੀ ਨੂੰ ਜਨਮ ਦਿੰਦੀ ਹੈ। ਜਿਹੜੀ ਇਹ ਵਿਚ ਜ਼ਿੰਦਗੀ ਦਾ ਯਥਾਰਥ ਝਲਕਦਾ ਐ। ਇਹ ਮਨੁੱਖੀ ਜ਼ਿੰਦਗੀ ਵਿਚ ਬਦਲਾਅ ਅਤੇ ਕ੍ਰਾਂਤੀ ਲਿਆਉਂਦੀ ਹੈ। ਚੁੱਪ ਕਿਸੇ ਮਨੁੱਖ ਨੂੰ ਹਕੀਕਤ ਤੋਂ ਪਾਰ ਜਾ ਕੇ ਜ਼ਿੰਦਗੀ ਦਾ ਰਸਤਾ ਲੱਭਣ ਵਿਚ ਮਦਦ ਕਰਦੀ ਹੈ। ਚੁੱਪ ਦਾ ਅਰਥ ਸ਼ਾਂਤ ਹੋ ਕੇ ਜ਼ਿੰੰਦਗੀ ਦਾ ਰਸਤਾ ਖੋਜਣਾ ਹੁੰਦਾ ਹੈ। ਚੁੱਪ ਮਰ ਚੁੱਕੀਆਂ ਮਨੁੱਖੀ ਭਾਵਨਾਵਾਂ ਵਿਚ ਜ਼ਿੰਦਗੀ ਦੇ ਅਰਥ ਦੱਸ ਦਿੰਦੀ ਹੈ। ਜਿਹੜੀ ਜ਼ਿੰਦਗੀ ਜੀਣ ਦਾ ਅਰਥ ਦੱਸਦੀ ਹੈ। ਚੁੱਪ ਟੁੱਟਣ ਤੋਂ ਬਾਅਦ ਜ਼ਿੰਦਗੀ ਵਿਖ ਬਦਲਾਅ ਦਾ ਆਉਣਾ ਲਾਜ਼ਮੀ ਹੁੰਦਾ ਹੈ। ਚੁੱਪ ਦੇ ਅਰਥ ਡੂੰਘੇ ਅਤ ਸੂਖ਼ਮਦਰਸ਼ੀ ਹੁੰਦੇ ਹਨ। ਚੁੱਪ ਸ਼ਹਿਣਸ਼ੀਲਤਾ ਤੇ ਸਹਿਜਤਾ ਦਾ ਪ੍ਰਗਟਾਵਾ ਹੁੰਦੀ ਹੈ। ਚੁੱਪ ਕਿਸੇ ਸਹਿਣਸ਼ੀਲ ਵਿਅਕਤੀ ਦੇ ਸੁਭਾਅ ਦੀ ਖਾਸ ਨਿਸ਼ਾਨੀ ਹੋ ਨਿਬੜਦੀ ਹੈ। ਚੁੱਪ ਦੇ ਟੁੱਟਣ ਤੋਂ ਬਾਅਦ ਨਿਕਲਣ ਵਾਲੀ ਚੀਕ ਹਕੂਮਤਾਂ ਦੇ ਤਖ਼ਤੇ ਪਲਟ ਦਿੰਦੀ ਹੈ। ਚੁੱਪ ਜ਼ਿੰਦਗੀ ਨੂੰ ਉਸਦੇ ਅਸਲ ਯਥਾਰਥ ਨਾਲ ਬੰਨ•ੀ ਰੱਖਦੀ ਹੈ।
ਚੁੱਪ ਦਾ ਦਾਨ ਬਹੁਤ ਵੱਡਾ ਹੁੰਦਾ ਹੈ। ਚੁੱਪ ਦੇ ਦਾਨ ਵਿਚੋਂ ਨਿਕਲਣ ਵਾਲੀਆਂ ਸੂਖ਼ਮ ਅਤੇ ਰੂਹਾਨੀ ਤਰੰਗਾਂ ਮਨੁੱਖੀ ਮਨਾਂ ਤੇ ਰੱਬੀ ਨੂਰ ਵਰਸਾਉਂਦੀਆਂ ਹਨ। ਜਿਹੜੀਆਂ ਮਨੁੱਖਾਂ ਲਈ ਵਰਦਾਨ ਹੋ ਨਿਬੜਦੀਆਂ ਹਨ। ਚੁੱਪ ਦਾ ਦਾਨ ਬਖ਼ਸ਼ਣ ਵਾਲੇ ਲੋਕ ਰੂਹ ਦ ੇਪੈਗਾਮ ਦੀ ਗੱਲ ਕਰਦੇ ਹਨ। ਕਿਸੇ ਧਾਰਮਿਕ ਸਥਾਨ ਤੇ ਪਸਰੀ ਚੁੱਪ ਰੂਹਾਨੀ ਮੰਡਲਾਂ ਤੱਕ ਦੀ ਸ਼ੈਰ ਹੁੰਦੀ ਹੈ। ਧਾਰਮਿਕ ਸਥਾਨਾਂ ਤੇ ਚੁੱਪ ਦੇ ਦਾਨ ਦੇ ਅਰਥ ਪ੍ਰਮਾਤਮਾ ਨਾਲ ਇਕਮਿੱਕ ਹੋਣਾ ਹੁੰਦਾ ਹੈ। ਇੱਥੇ ਪ੍ਰਮਾਤਮਾ ਨਾਲ ਇਕਮਿੱਕ ਹੋਣ ਦਾ ਰਾਹ ਤਲਾਸ਼ਿਆ ਜਾਂਦਾ ਹੈ। ਜਦੋਂ ਚੁੱਪ ਕੁਦਰਤ ਨਾਲ ਯਾਰੀ ਗੰਢਦੀ ਹੈ ਤਾਂ ਉਹ ਕੁਦਰਤੀ ਵੇਗ ਵਿਚ ਆਪਾ ਖੋਹ ਦਿੰਦੀ ਹੈ। ਇਸ ਚੁੱਪ ਵਿਚ ਕੁਦਰਤ ਨਾਲ ਇਕਮਿੱਕ ਹੋਇਆ ਇਨਸਾਨ ਆਪਣੀ ਰੂਹ ਦੀ ਖ਼ੁਰਾਕ ਲੱਭਦਾ ਹੈ। ਚੁੱਪ ਆਪਣੇ ਆਪ ਵਿਚ ਵੀ ਇਕ ਅਰਥ ਹੁੰਦੀ ਹੈ। ਜਿਹੜੀ ਨਾ ਬੋਲ ਕੇ ਆਪਣੀ ਗੱਲ ਕਹਿ ਦਿੰਦੀ ਹੈ।

ਕਈ ਵਾਰ ਚੁੱਪ ਰੋਸ ਪ੍ਰਗਟਾਵਾ ਵੀ ਕਰਦੀ ਹੈ। ਮੂੰਹ ਤੇ ਕਾਲੀਆਂ ਪੱਟੀਆਂ ਬੰਨ• ਕੇ ਕੱਢੇ ਜਾਣ ਵਾਲੇ ਜਲੂਸ ਆਪਣੀ ਬੋਲਣ ਦੀ ਆਜਾਦੀ ਤੇ ਲਾਈਆਂ ਜਾਣ ਵਾਲੀਆਂ ਰੋਕਾਂ ਵਿਰੁੱਧ ਇਕ ਪ੍ਰਗਟਾਵਾ ਹੁੰਦੀਆਂ ਹਨ। ਕਈ ਵਾਰ ਨਾ ਚਾਹੁੰਦਿਆਂ ਵੀ ਚੁੱਪ, ਚੁੱਪ ਚੁੱਪੀਤੇ ਮਨੁੱਖੀ ਮਨਾਂ ਤੇ ਭਾਰੂ ਪੈ ਜਾਂਦੀ ਹੈ। ਮਨੁੱਖੀ ਸਮਾਜ ਦੇ ਵਿਹੜੇ ਵਿਚ ਇਕ ਚੁੱਪ ਸੌ ਸੁੱਖਾਂ ਨੂੰ ਜਨਮ ਦਿੰਦੀ ਹੈ। ਇਹ ਉਦੋਂ ਆਪਣਾ ਰੰਗ ਦਿਖਾਉਂਦੀ ਹੈ ਜਦੋਂ ਮਨੁੱਖੀ ਵਿਹੜੇ ਵਿਚ ਖੂਨ ਦੀਆਂ ਨਦੀਆਂ ਦਾ ਪਸਾਰਾ ਵੱਧਣਾ ਹੋਵੇ। ਜਿਹੜੇ ਲੋਕ ਆਪਣੇ ਤੇ ਹੋ ਰਹੀਆਂ ਵਧੀਕੀਆਂ ਨੂੰ ਚੁੱਪ ਕਰਕੇ ਸਹਿ ਜਾਂਦੇ ਹਨ ਉਹ ਭਾਗਾਂ ਵਾਲੇ ਕਹਾਏ ਜਾਣ ਦੇ ਹੱਕਦਾਰ ਹੋ ਜਾਂਦੇ ਹਨ। ਜੁਲਮਾਂ ਨਾਲ ਲਿਖੀ ਜਾਣ ਵਾਲੀ ਇਬਾਰਤ ਨੂੰ ਚੁੱਪ ਰਹਿਣੇ ਲੋਕ ਅਕਸਰ ਇਕ ਹੀ ਹੱਲੇ ਨਾਲ ਤੋੜ ਦਿੰਦੇ ਹਨ। ਚੁੱਪ ਰਹਿਣਾ ਮਨੁੱਖੀ ਮਨ ਦਾ ਰੂਹ ਨਾਲ ਇਕਮਿੱਕ ਹੋਣ ਦਾ ਪ੍ਰਗਟਾਵਾ ਹੁੰਦਾ ਹੈ। ਆਪਣੀ ਰੂਹ ਤੱਕ ਉਤਰਨ ਲਈ ਚੁੱਪ ਰਹਿਣਾ ਜਰੂਰੀ ਹੁੰਦਾ ਹੈ। ਇਸ ਲਈ ਬਹੁਤੇ ਸੰਤ ਮਹਾਤਮਾ ਆਪਣੇ ਸ਼ਰਧਾਲੂਆਂ ਨੂੰ ਚੁੱਪ ਦਾ ਦਾਨ ਬਖ਼ਸ਼ਣ ਦੀ ਸਲਾਹ ਦਿੰਦੇ ਹਨ। ਚੁੱਪ ਰਹਿ ਕੇ ਦੂਜੇ ਲੋਕਾਂ ਨੂੰ ਸੁਣਨਾ ਤੇ ਫਿਰ ਉਸ ਤੇ ਵਿਚਾਰ ਕਰਨਾ ਸਿਆਣੇ ਮਨੁੱਖ ਦੇ ਸੁਭਾਅ ਦੀ ਨਿਸ਼ਾਨੀ ਹੁੰਦੀ ਹੈ। ਚੁੱਪ ਸ਼ਾਂਤੀ ਦੇ ਪਸਾਰੇ ਦੀ ਨਿਸ਼ਾਨੀ ਹੁੰਦੀ ਹੈ। ਸਿਆਣੇ ਕਹਿੰਦੇ ਹਨ ਇਕ ਚੁੱਪ ਸੌ ਸੁੱਖਾਂ ਦੀ ਖਾਨ ਹੁੰਦੀ ਹੈ। ਕੌੜੇ ਬੋਲਾਂ ਦਾ ਵਾਰ ਕਰਨ ਨਾਲੋਂ ਚੁੱਪ ਚੰਗਾ ਹਥਿਆਰ ਹੈ। ਜਿਹੜਾ ਵਕਤ ਤੇ ਕੰਮ ਦਿੰਦਾ ਹੇ। ਇਹ ਜ਼ਿੰਦਗੀ ਦਾ ਇਕ ਸਹਿਜੀ ਪਹਿਲੂ ਹੈ। ਚੁੱਪ ਕਈ ਵਾਰ ਵਕਤ ਦਾ ਪਾਸਾ ਪਲਟ ਜਾਂਦੀ ਹੈ। ਚੁੱਪ ਸਿਆਣੇ ਤੇ ਸਹਿਜ ਲੋਕਾਂ ਦਾ ਸੁਹੱਪਣ ਹੁੰਦੀ ਹੈ। ਉਹ ਸੌ ਗੱਲਾਂ ਦੀ ਇਕ ਗੱਲ ਕਹਿ ਕੇ ਚੁੱਪ ਹੋ ਜਾਂਦੇ ਹਨ।
ਚੁੱਪ ਹਿੰਮਤ ਦਾ ਦੂਜਾ ਰੂਪ ਹੁੰਦੀ ਹੈ। ਜੇਕਰ ਚੁੱਪ ਰਹਿ ਕੇ ਜ਼ਿੰਦਗੀ ਦੀ ਇਬਾਰਤ ਲਿਖੀ ਜਾਵੇ ਤਾਂ ਜ਼ਿੰਦਗੀ ਆਪਣੀ ਚਾਲ ਚੱਲਦੀ ਰਹਿੰਦੀ ਹੈ। ਇਹ ਚੁੱਪ ਜ਼ਿੰਦਗੀ ਲਈ ਜੀਵਨ ਗਾਥਾ ਹੋ ਨਿਬੜਦੀ ਹੈ। ਜ਼ਿੰਦਗੀ ਨੂੰ ਇਕਲਾਪੇ ਤੋਂ ਦੂਰ ਲਿਜਾਣ ਲਈ ਚੁੱਪ ਨਾਲ ਸੰਵਾਦ ਰਚਾਉਣਾ ਵੀ ਚੰਗੀ ਗੱਲ ਹੈ। ਚੁੱਪ ਹੌਂਸਲੇ, ਹਿੰਮਤ ਤੇ ਸਵੈ ਵਿਸ਼ਵਾਸ਼ ਦੀ ਗੁੱਝੀ ਰਮਝ ਹੁੰਦੀ ਹੈ। ਚੁੱਪ ਸਭ ਕੁਝ ਦੇਖ਼ਦੀ ਤੇ ਪਰਖ਼ਦੀ ਹੈ ਪਰ ਕਹਿਣ ਵੇਲੇ ਗੂੰਗੀ ਹੋ ਜਾਂਦੀ ਹੈ। ਭਾਂਵੇ ਵਕਤ ਦਾ ਬਦਲਣਾ ਚੁੱਪ ਲਈ ਡੂੰਘਾ ਦੁਖ਼ਾਂਤ ਹੋ ਨਿਬੜਿਆ ਹੈ ਪਰ ਚੁੱਪ ਸ਼ਾਂਤ ਹੈ। ਸ਼ਾਂਤ ਚੁੱਪ ਜ਼ਿੰਦਗੀ ਦਾ ਸੁਹੱਪਣ ਤੇ ਖੁਸ਼ੀ ਦਾ ਦੂਜਾ ਰੂਪ ਹੁੰਦੀ ਹੈ।
                  
                 ਪੰਨੀ ਵਾਲਾ ਫੱਤਾ, ਸ਼੍ਰੀ ਮੁਕਤਸਰ ਸਾਹਿਬ
plz comments ..... 

Post a Comment

5 Comments