ਆਹ, ਕੋਰੋਨਾ ਵਾਇਰਸ ਨੇ ਦੁਨੀਆਂ ਨੂੰ ਭੰਬਾਲੀਆਂ ਲਿਆ ਦਿੱਤੀਆਂ। ਲੋਕ ਘਰਾਂ ਵਿਚ ਐਂ ਬੈਠੇ ਨੇ ਜਿਵੇਂ ਝਾਫਿਆਂ ਵਿਚ ਬਿੱਲ੍ਹਾ ਫਸਿਆ ਹੁੰਦਾ। ਸਾਰਾ ਦਿਨ ਇਕ ਦੂਜੇ ਨਾਲ ਘਰਾਂ ਵਿਚ ਬੈਠੇ ਕੁੱਕੜਾਂ ਵਾਗੂ ਠੁੰਗੋ-ਠੁੰਗੀ ਹੁੰਦੇ ਰਹਿੰਦੈ। ਕਈ ਤਾਂ ਕਹਿੰਦੇ ਭਰਾਵਾ ਕਦੋਂ ਆਹ ਲਾਕਡਾਊਨ ਜਾ ਖੁੱਲ੍ਹੇ ਤੇ ਕਦੋਂ ਬਾਹਰ ਨਿਕਲੀੇਏ। ਥੋਨੂੰ ਪਤਾ ਹੀ ਐ ਬਈ ਘਰਾਂ ਵਿਚ ਹੁਣ ਕਈਆਂ ਦੀ ਹਵਾ ਟੈਟ ਹੋ ਗਈ ਹੈ। ਪਰ ਕਈ ਨਜ਼ਾਰੇ ਲਈ ਜਾਂਦੇ ਐ, ਕਹਿੰਦੇ ਐਵੈਂ ਧੰਦ ਹੀ ਪਿੱਟਦੇ ਰਹੇ। ਅਖੇ ਰੋਟੀ ਤਾਂ ਐਂ ਵੀ ਮਿਲ ਹੀ ਜਾਂਦੀ ਹੈ। ਲੋਕਾਂ ਨੂੰ ਹੁਣ ਪਤਾ ਲੱਗਿਆ ਬਈ ਜਿ਼ੰਦਗੀ ਤਾਂ ਰੋਟੀ ਨਾਲ ਵੀ ਲੰਘ ਜਾਣੀ ਐ।ਪਰ ਕਈਆਂ ਨੂੰ ਫਿ਼ਕਰ ਐ ਬਈ ਹੁਣ ਅੱਗੇ ਕਿਵੇਂ ਕੱਟਾਂਗੇ। ਲੋਕਾਂ ਨੂੰ ਨਿਆਣਿਆਂ ਦਾ ਵੀ ਫਿ਼ਕਰ ਐ ਯਾਰ ਹੁਣ ਨਿਆਣਿਆਂ ਦਾ ਕਿਵੇ਼ ਸਰੂ। ਪਤੰਦਰ ਵਿਹਲੇ ਬੈਠੇ ਆਉਣ ਵਾਲੀਆਂ ਦਸ ਪੀੜ੍ਹੀਆਂ ਦਾ ਸੋਚੀ ਜਾਣਗੇ ਸਾਰਾ ਸਾਰਾ ਦਿਨ, ਗੱਲ ਦਿਮਾਗ ਂਚ ਤਾਂ ਪੈ ਗਈ ਐ ਕਿ ਆਹ ਸਾਰਾ ਕੁਝ ਕੁਦਰਤ ਦੇ ਭਾਣੇ ਵਿਚ ਹੀ ਚੱਲਣੈ, ਕੀ ਰਾਜੇ ਕੀ ਰੰਕ, ਸਾਰੇ ਅੰਦਰੋਂ ਅੰਦਰੀ ਤਾੜ ਂਤੇ, ਕਈ ਕਹਿੰਦੇ ਗਰੀਬ ਵੀ ਖਾ ਲੈਣਗੇ ਅਤੇ ਅਮੀਰ ਵੀ ਖਾ ਲੈਣਗੇ, ਆਹ ਮਿਡਲ ਕਲਾਸ ਵਾਲਿਆਂ ਦਾ ਕੀ ਬਣੂ, ਅਖੇ ਇੰਨ੍ਹਾਂ ਨੇ ਕਿਸੇ ਤੋਂ ਮੰਗਣਾ ਨਹੀਂ, ਤਰਕ ਬੜਾ ਸੋਹਣਾ ਦਿੰਦੇ ਐ ਇਸ ਗੱਲ ਵਿਚ, ਅਖੇ ਗਰੀਬਾਂ ਨੂੰ ਸਰਕਾਰ ਨੇ ਦੇ ਦੇਣਾ ਤੇ ਅਮੀਰਾਂ ਕੋਲ ਹੈਗਾ ਹੀ ਹੈ। ਤੇ ਮਿਡਲ ਵਾਲਿਆਂ ਦਾ ਕੀ ਬਣੂ, ਇੰਨ੍ਹਾਂ ਮਿਡਲ ਕਲਾਸ ਵਾਲਿਆਂ ਬਾਰੇ ਕਿਹਾ ਜਾਂਦਾ ਕਿ ਇਹ ਅੱਧ ਵਿਚਾਲੇ ਜੇ ਹੁੰਦੇ ਐ ਨਾਂ ਤਾਂ ਪੂਰੇ ਗਰੀਬ ਅਤੇ ਨਾ ਪੂਰੇ ਅਮੀਰ, ਜੇ ਇਹ ਗਰੀਬਾਂ ਵਿਚ ਆਉਂਦੇ ਤਾਂ ਇੰਨ੍ਹਾਂ ਦਾ ਸਟੇਟਸ ਡਾਊਨ ਹੁੰਦੈ, ਅਮੀਰਾਂ ਵਿਚ ਇਹ ਪਹੁੰਚ ਨਹੀਂ ਸਕਦੇ। ਹਾਂ ਹਾਂ ਉਹੀ ਗੱਲ ਅਖੇ ਹੱਥ ਨਾ ਪਹੁੰਚੇ ਥੂਹ ਕੋੜੀ,--ਮਤਲਬ ਲੋਕ ਸਰਕਾਰਾਂ ਦਾ ਪਿੱਟ ਸਿਆਪਾ ਕਰੀ ਜਾਂਦੇ ਐ, ਕੋਈ ਬੈਂਕਾਂ ਅੱਗੇ ਖੜ੍ਹਾ ਤੇ ਕੋਈ ਲਾਕਡਾਊਨ ਤੋੜ ਕੇ ਇਹ ਦੇਖਣ ਗਿਆ ਕਿ ਬਾਹਰ ਕਿੰਨੇ ਲੋਕ ਨਿਕਲੇ ਨੇ, ਪਰ ਅੱਗੋਂ ਪਹਿਲੇ ਚਾਰ ਦਿਨ ਪੰਜਾਬ ਪੁਲਿਸ ਨੇ ਵੀ ਲਾਕਡਾਊਨ ਦੀ ਚੰਗੀ ਪਾਲਣਾ ਕਰਵਾਈ, ਥੋਨੂੰ ਪਤਾ ਹੀ ਸਾਡੇ ਇੱਥੇ ਲੋਕ ਛਿੱਤਰਾਂ ਦੇ ਯਾਰ ਹੀ ਨੇ, ਇਹ ਗੱਲ ਤਾਂ ਸਾਡੇ ਸਿਆਣਿਆਂ ਨੇ ਕਹੀ ਹੈ। ਮੈਂ ਨਹੀਂ ਕਹੀ, ਕੋਈ ਮੇਰੇ ਤੇ ਗੁੱਸਾ ਨਾ ਕਰੇ ਉਨ੍ਹਾਂ ਦੇ ਵੀ ਧੌਲੇ ਸ਼ਾਇਦ ਐਂਵੇ ਨਹੀਂ ਆ ਗਏ ਸੀ। ਪਰ ਢੀਠਾਂ ਦੀ ਦੁਨੀਆਂ ਵਿਚ ਵਿਚਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਹੁਣ ਸੱਥਾਂ ਵਿਚ ਸੁੰਨਾ ਨੇ, ਵੈਸੇ ਵੀ ਪਿੰਡਾਂ ਵਿਚ ਇਨ੍ਹਾਂ ਦਿਨਾਂ ਵਿਚ ਸੁੰਨ ਸਰਾਂ ਹੀ ਹੁੰਦੀ ਹੈ, ਗੱਲ ਤਾਂ ਕੋਰੋਨਾ ਦੀ ਸੀ, ਕਿ ਲੋਕਾਂ ਦੀਆਂ ਮੁ਼ਸ਼ਕਿਲਾਂ ਵੱਧ ਗਈਆਂ, ਬਹੁਤ ਲੋਕ ਹੋਣਗੇ ਮੁਸ਼ਕਿਲਾਂ ਵਿਚ, ਸੱਚ ਹੈ, ਪਰ ਲੋਕ ਇਹ ਕਿਉਂ ਭੁੱਲ ਜਾਂਦੇ ਹਨ ਕਿ ਮੁਸ਼ਕਿਲਾਂ ਦਾ ਦੂਜਾ ਨਾਂਅ ਹੀ ਤਾਂ ਜਿ਼ੰਦਗੀ ਐ। ਅਖਬਾਰਾਂ ਦੇ ਪੰਨੇ ਵੀ ਮੁਸ਼ਕਿਲਾਂ ਨਾਲ ਹੀ ਭਰੇ ਆਉਂਦੇ ਨੇ, ਪਰ ਇਸ ਸਾਰੇ ਕੁਝ ਵਿਚ ਲੋਕ ਕੁਦਰਤ ਦੇ ਨੇਮਾਂ ਨੂੰ ਭੁੱਲ ਜਾਂਦੇ ਹਨ। ਤਬਦੀਲੀਆਂ ਕੁਦਰਤ ਦਾ ਨਿਯਮ ਨੇ, ਇਹ ਗੱਲ ਵੀ ਸਕੂਲਾਂ ਵਿਚ ਆਮ ਹੀ ਕੰਧਾਂ ਂਤੇ ਲਿਖੀਆਂ ਹੁੰਦੀਆਂ ਨੇ,ਕਿਹਾ ਜਾਂਦੈ ਕਿ ਏਕੇ ਵਿਚ ਬਰਕਤ ਹੁੰਦੀ ਹੈ, ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੇ ਇਸ ਕਹਾਵਤ ਨੂੰ ਸਿੱਧ ਕਰ ਦਿੱਤਾ ਜਦੋਂ ਤਾਲਾਬੰਦੀ ਵਿਚ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ , ਪਰ ਲੋਕਾਂ ਦੀ ਹੈਰਾਨੀ ਦੀ ਇਕ ਗੱਲ ਹੈ ਕਿ ਲੋਕਾਂ ਨੂੰ ਰੋਟੀ ਤਾਂ ਜੁੜੀ ਜਾਂਦੀ ਐ ਪਰ ਜੁੜਦਾ ਨਹੀਂ ਤਾਂ ਜੀਭ ਦਾ ਸੁਆਦ, ਗੁਰੂਆਂ ਪੀਰਾਂ ਫਕੀਰਾਂ ਨੇ ਬਥੇਰਾ ਕਿਹਾ ਕਿ ਸਾਦਾ ਜੀਵਨ ਜਿਉਂ ਲਓ, ਪੰਜਾਬ ਦੀ ਧਰਤੀ ਤੋਂ ਤਾਂ ਹਰ ਰੋਜ ਰੁੱਖੀ ਮਿਸੀ ਖਾਣ ਦਾ ਹੋਕਾ ਦਿੱਤਾ ਜਾਂਦਾ ਹੈ। ਪਰ ਲੋਕਾਂ ਨੇ ਮੰਨਿਆ ਹੀ ਨਹੀਂ, ਕਿਉਂ ਚੋਪੜੀਆਂ ਖਾਣ ਦੀ ਜੇ ਆਦਤ ਪਈ ਹੈ, ਲੋਕ ਆਪੋ ਧਾਪੀ ਪਈ ਹੋਈ ਹੈ, ਸਾਡੇ ਬਾਬਿਆਂ ਦੇ ਬੋਲ ਇੱਥੇ ਕਿਸੇ ਦੇ ਕੰਨੀਂ ਹੀ ਨਹੀਂ ਪੈਂਦੇ, ਲੋਕਾਂ ਦੀ ਜਿ਼ੰਦਗੀ ਬਾਰੇ ਹੁਣ ਪਤਾ ਲੱਗਿਆ ਕਿ ਕਿੰਨਾ ਕੁ ਅਮਲ ਕਰਦੇ ਹਨ, ਗੁਰੂਆਂ ਪੀਰਾਂ ਫਕੀਰਾਂ ਦੀ ਗੱਲ ਂਤੇ, ਪੰਜਾਬ ਵਰਗੇ ਸੂਬੇ ਵਿਚ ਤਾਂ ਭੁੱਖਮਰੀ ਵਰਗੇ ਹਾਲਾਤ ਨਹੀਂ ਬਣ ਸਕਦੇ ਕਿਉਂ ਕਿ ਇਸ ਧਰਤੀ ਉਪਰ ਤਾਂ ਅੰਨ ਦੇਵੇਤਾ ਦੀ ਵੈਸੇ ਹੀ ਮਿਹਰ ਹੋਣ ਵਾਲੀ ਹੈ। ਗੱਲ ਆਉਂਦੀ ਕਿ ਜੇਕਰ ਮੁਸ਼ਕਿਲ ਪੈਡਿਆਂ ਵਿਚ ਤੁਸੀ ਜਿ਼ੰਦਗੀ ਨੂੰ ਸਬਰ, ਸੰਤੋਖ ਅਤੇ ਸੰਜਮ ਨਾਲ ਨਹੀਂ ਕੱਟਦੇ ਤਾਂ ਤੁਸੀ ਮੈਦਾਨੇ ਜੰਗ ਵਿਚ ਹਾਰ ਜਾਵੋਗੇ। ਹੁਣ ਬਹੁਤ ਸਾਰੇ ਲੋਕ ਸਰਕਾਰਾਂ ਨੂੰ ਕੋਸੀ ਜਾਂਦੇ ਨੇ, ਪੁੱਛਣ ਵਾਲਾ ਹੋਵੇ ਸਰਕਾਰਾਂ ਕਿਹੜਾ ਉਪਰ ਤੋਂ ਡਿੱਗੀਆਂ ਨੇ, ਤੁਸੀ ਆਪ ਹੀ ਉਨ੍ਹਾਂ ਨੂੰ ਚੁਣਿਐ, ਜਿਵੇਂ ਉਨ੍ਹਾਂ ਨੂੰ ਤੁਹਾਡੀ ਜਿ਼ੰਦਗੀ ਬਾਰੇ ਚੰਗਾ ਲੱਗਿਆ, ਉਨ੍ਹਾਂ ਨੇ ਫੈਸਲਾ ਲੈ ਲਿਆ ਕਿ ਹਾਂ, ਪਹਿਲਾਂ ਲੋਕਾਂ ਦੀ ਜਿ਼ੰਦਗੀ ਬਚਾਓ, ਆਰਥਿਕਤਾ ਤਾਂ ਫਿਰ ਖੜ੍ਹੀ ਹੋ ਜਾਵੇਗੀ, ਗੱਲ ਹੈ ਤਾਂ ਸੋਚਣ ਵਾਲੀ ਹੀ ਹੈ, ਪਰ ਸਰਕਾਰਾਂ ਚੁਣਨ ਵਾਲੇ ਨਹੀਂ ਸੋਚਦੇ ਨਾ, ਉਹ ਕਹਿੰਦੇ ਸਾਡੇ ਜਵਾਕ ਭੁੱਖੇ ਮਰੀ ਜਾਂਦੇ ਨੇ, ਉਨ੍ਹਾਂ ਦਾ ਕੀ ਕਰੀਏ, ਸੋ ਹੱਥਾ ਸਿਰੇ ਤੇ ਗੰਢ ਕਿ ਲੋਕ ਸਰਕਾਰਾਂ ਨੂੰ ਦੇਸ਼ ਨੂੰ ਨਿੰਦੀ ਜਾਂਦੇ ਨੇ, ਅਖੇ ਜੀ, ਇਹ ਦੇਸ਼ ਹੀ ਸਹੀ ਨਹੀਂ, ਐਂ ਐ, ਓ ਐ, ਪਰ ਮੈਂ ਇਸ ਤਰ੍ਹਾਂ ਦੇ ਲੋਕਾਂ ਦੀ ਮਾਨਸਕਿਤਾ ਸਮਝਣ ਲਈ ਜਿ਼ੰਦਗੀ ਦੇ ਛੇ ਕੁ ਦਹਾਕੇ ਗੁਜਾਰ ਚੁੱਕੇ ਇਕ ਅਮਲੀ ਨੂੰ ਪੁੱਛਿਐ, ਯਾਰ ਐਂ ਦੱਸ ਬਈ ਜਿਹੜੇ ਲੋਕ ਬਿਪਤਾ ਦੀ ਘੜੀ ਵਿਚ ਦੇਸ਼ ਨੂੰ ਭੰਡੀ ਜਾਂਦੇ ਨੇ, ਉਹ ਸਹੀ ਨੇ, ਉਹਨੇ ਹੋਰ ਹੀ ਕੱਢ ਮਾਰੀ, ਕਹਿੰਦਾ ਅੱਜ ਜਦੋਂ ਬਿਪਤਾ ਪੈ ਗਈ ਤਾਂ ਲੋਕਾਂ ਨੂੰ ਨਿਆਣਿਆਂ ਦਾ ਫਿ਼ਕਰ ਪੈ ਗਿਆ, ਜਦੋਂ ਨਿਆਣੇ ਜੰਮਣ ਲੱਗੇ ਸੀ, ਉਦੋਂ ਅਮਰੀਕਾ ਂਚ ਪੈਦਾ ਕਰ ਕੇ ਲਿਆਏ ਸੀ, ਮੈਨੂੰ ਹੁਣ ਅਮਲੀ ਦੀ ਗੱਲ ਨੇ ਵਖ਼ਤ ਪਾ ਰੱਖਿਐ।
ਬਲਰਾਜ ਸਿੱਧੂ
73474-56563
0 Comments